ਸਰਕਾਰੀ ਬਿਰਧ ਘਰ ਬਣ ਕੇ ਤਿਆਰ, ਬੇਸਹਾਰਾ ਬਜ਼ੁਰਗ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ: ਡਿਪਟੀ ਕਮਿਸ਼ਨਰ

ਮਾਨਸਾ, 31 ਦਸੰਬਰ
ਪੰਜਾਬ ਸਰਕਾਰ ਵਲੋਂ ਲੋੜਵੰਦ ਬਜ਼ੁਰਗਾਂ ਦੀ ਸੇਵਾ-ਸੰਭਾਲ ਲਈ ਮਾਨਸਾ ‘ਚ 9 ਕਰੋੜ ਰੁਪਏ ਤੋਂ ਵਧੇਰੇ ਲਾਗਤ ਨਾਲ ਬਿਰਧ ਆਸ਼ਰਮ ਬਣ ਕੇ ਤਿਆਰ ਹੈ, ਜਿਸ ਦਾ ਜਲਦੀ ਰਸਮੀ ਉਦਘਾਟਨ ਕਰਕੇ ਬੇਆਸਰਾ ਤੇ ਲੋੜਵੰਦ ਬਜ਼ੁਰਗਾਂ ਦੇ ਸਪੁਰਦ ਕੀਤਾ ਜਾਵੇਗਾ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਬਿਰਧ ਆਸ਼ਰਮ ਵਿਖੇ ਉਪਲੱਬਧ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ।
ਇਸ ਮੌਕੇ ਉਨ੍ਹਾਂ ਬਿਰਧ ਆਸ਼ਰਮ ਦੀ ਇਮਾਰਤ ਅਤੇ ਸਹੂਲਤਾਂ ਦਾ ਨਿਰੀਖਣ ਕੀਤਾ ਅਤੇ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਜਾਣਿਆ। ਉਨ੍ਹਾ 72 ਬੈੱਡਾਂ ਦੀ ਸਮਰੱਥਾ ਵਾਲੇ ਬਿਰਧ ਆਸ਼ਰਮ ਵਿੱਚ ਸਾਰੀਆਂ ਸਹੂਲਤਾਂ ਰਹਿਣਾ, ਸਿਹਤ ਤੇ ਮੈਡੀਕਲ ਸੁਵਿਧਾ, ਖਾਣਾ ਪੀਣਾ, ਸੁਰੱਖਿਆ ਤੇ ਸੰਭਾਲ ਤੋਂ ਇਲਾਵਾ ਲਾਇਬ੍ਰੇਰੀ ਆਦਿ ਅਤੇ ਡੇਅ ਕੇਅਰ ਦਾ ਜਾਇਜ਼ਾ ਲਿਆ।
ਉਨ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਜ਼ੁਰਗਾਂ ਨੂੰ ਸੁਚੱਜੇ ਤਰੀਕੇ ਨਾਲ ਸਾਰੀਆਂ ਸਹੂਲਤਾ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ ਤਾਂ ਜੋ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਪੇਸ਼ ਨਾ ਆਵੇ ਅਤੇ ਉਹ ਘਰ ਵਰਗਾ ਮਾਹੌਲ ਮਹਿਸੂਸ ਕਰ ਸਕਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵੇਲੇ ਬਿਰਧ ਆਸ਼ਰਮ ਵਿਖੇ 8 ਬਜ਼ੁਰਗ ਰਹਿ ਰਹੇ ਹਨ ਅਤੇ ਹੋਰ ਲੋੜਵੰਦ ਬਜ਼ੁਰਗ ਜਿਹੜੇ ਇਥੇ ਆ ਕੇ ਰਹਿਣਾ ਚਾਹੁੰਦੇ ਹਨ, ਉਹ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਲਵਲੀਨ ਕੌਰ ਨੇ ਕਿਹਾ ਕਿ ਲੋੜਵੰਦ ਬਜ਼ੁਰਗ ਰਜਿਸਟ੍ਰੇਸ਼ਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗਰਾਊਂਡ ਫਲੋਰ, ਕਮਰਾ ਨੰਬਰ 12 ਵਿਖੇ ਜਾਂ ਮੋਬਾਇਲ ਨੰਬਰ 70092 12466 ‘ਤੇ ਸੰਪਰਕ ਕਰ ਸਕਦੇ ਹਨ ਜਾਂ ਫਿਰ ਆਪਣੇ ਨਜ਼ਦੀਕੀ ਸੀਡੀਪੀਓ ਦਫ਼ਤਰ ਅਤੇ ਆਂਗਨਵਾੜੀ ਦਫ਼ਤਰ ਨਾਲ ਵੀ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਆਈ ਏ ਐੱਸ (ਅੰਡਰ ਟ੍ਰੇਨਿੰਗ) ਗੁਰਲੀਨ ਕੌਰ, ਐੱਸ.ਡੀ.ਐੱਮ. ਮਾਨਸਾ ਕਾਲਾ ਰਾਮ ਕਾਂਸਲ, ਐੱਸ.ਡੀ.ਐੱਮ. ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖੁਸ਼ਵੀਰ ਕੌਰ, ਡੀ.ਐਸ.ਪੀ. ਪੁਸ਼ਪਿੰਦਰ ਸਿੰਘ ਗਿੱਲ, ਡਿਪਟੀ ਮੈਡੀਕਲ ਕਮਿਸ਼ਨਰ ਮਯੰਕਜੋਤ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *