ਗਾਂ ਲੋੜਵੰਦ ਪਰਿਵਾਰਾਂ ਲਈ ਬਣੇਗੀ ਰੁਜ਼ਗਾਰ ਦਾ ਸਾਧਨ -ਧਾਲੀਵਾਲ

ਅੰਮ੍ਰਿਤਸਰ,27 ਦਸੰਬਰ ()- ਅੱਜ ਅਜਨਾਲਾ ਖੇਤਰ ‘ਚ ਭਿਅੰਕਰ ਹੜ੍ਹਾਂ ਦੌਰਾਨ ਪਸ਼ੂ ਧਨ ਦੇ ਨੁਕਸਾਨ ਤੋਂ ਪ੍ਰਭਾਵਿਤ ਕਿਸਾਨਾਂ/ਪਸ਼ੂ ਪਾਲਕਾਂ ਨੂੰ ਰਾਹਤ ਦੇਣ ਲਈ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸ਼ਨ ਨੇ ਮਿਸ਼ਨ ਚੜ੍ਹਦੀ ਕਲਾ ਅਤੇ ਮਿਸ਼ਨ ਸਾਂਝਾ ਉਪਰਾਲਾ ਤਹਿਤ ਕੰਮ ਕਰਦੇ ਹੋਏ ਸ੍ਰੀ ਰਾਕੇਸ਼ ਹਾਂਡਾ ਦੀ ਮਦਦ ਨਾਲ 23 ਹੋਰ ਪਸ਼ੂ ਪਾਲਕਾਂ, ਜਿਨ੍ਹਾਂ ਦੇ ਪਸ਼ੂ ਹੜਾਂ ਦੀ ਭੇਟ ਚੜ ਗਏ ਸਨ, ਨੂੰ ਸਾਹੀਵਾਲ ਗਾਵਾਂ ਮੁਹੱਈਆ ਕਰਵਾਈਆਂ। ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ 16 ਪਰਿਵਾਰਾਂ ਨੂੰ ਗਾਵਾਂ ਉਕਤ ਸ਼ਖਸ਼ੀਅਤਾਂ ਵੱਲੋਂ ਦਿੱਤੀਆਂ ਜਾ ਚੁੱਕੀਆਂ ਹਨ

 ਇਸ ਮੌਕੇ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿਜਰ, ਡਿਪਟੀ ਕਮਿਸ਼ਨਰ ਸ੍ਰੀ ਦਵਿੰਦਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰੋਹਿਤ ਗੁਪਤਾ ਅਤੇ ਸ੍ਰੀ ਰਾਕੇਸ਼ ਹਾਂਡਾ, ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਸੈਮਸਨ ਮਸੀਹ ਅਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ। ਸ੍ਰੀ ਰਾਕੇਸ਼ ਹਾਂਡਾ ਦੀ ਸ਼ਮੂਲੀਅਤ ਨਾਲ 23 ਪ੍ਰਭਾਵਿਤ ਕਿਸਾਨਾਂ/ਪਸ਼ੂ ਪਾਲਕਾਂ ਨੂੰ ਗਾਵਾਂ ਦੀਆਂ ਨਸਲਾਂ ‘ਚੋਂ ਸਭ ਤੋਂ ਉੱਤਮ ਸਾਹੀਵਾਲ ਨਸਲ ਦੀਆਂ ਗਊਆਂ ਭੇਟ ਕੀਤੀਆਂ ਗਈਆਂ। ਇਹ ਗਾਵਾਂ ਸ੍ਰੀ ਰਕੇਸ਼ ਹਾਂਡਾ ਤੇ ਉਨ੍ਹਾਂ ਦੇ ਦੇਸ਼ ਵਿਦੇਸ਼ ਵੱਸੇ ਸਾਥੀ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਵਲੋਂ  ਭੇਟ ਕੀਤੀਆਂ ਗਈਆਂ ਹਨ। ਪ੍ਰਭਾਵਿਤ ਕਿਸਾਨਾਂ ਨੂੰ ਗਊਆਂ ਦਾਨ ਕਰਨ ਦੀ ਰਸਮ ਅਦਾਇਗੀ ਦੌਰਾਨ ਵਿਧਾਇਕ ਤੇ ਸਾਬਕਾ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਮਹਿੰਗੇ ਮੁੱਲ ਤੇ ਉੱਤਮ ਨਸਲ ਦੀਆਂ ਗਾਵਾਂ ਪ੍ਰਭਾਵਿਤ ਪਸ਼ੂ ਪਾਲਕਾਂ ਲਈ ਭੇਂਟ ਕਰਨ ਵਾਲੇ ਰਕੇਸ਼ ਹਾਂਡਾ ਤੇ ਉਨ੍ਹਾਂ ਦੇ ਸਾਥੀ ਪਰਿਵਾਰਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗਾਂ ਦਾਨ ਸਭ ਤੋ ਸਰਵਉੱਚ, ਸੰਤੁਸ਼ਟੀਜਨਕ , ਪਵਿੱਤਰ ਤੇ ਸ਼ੁੱਭ ਦਾਨ ਮੰਨਿਆ ਗਿਆ ਹੈ, ਉੱਥੇ ਇਹ ਗਾਵਾਂ ਲੋੜਵੰਦ ਪਰਿਵਾਰਾਂ ਦੇ ਰੁਜ਼ਗਾਰ ਦਾ ਸਾਧਨ ਵੀ ਬਣਨਗੀਆਂ। ਸ. ਧਾਲੀਵਾਲ ਨੇ ਆਪਣੇ ਵਿਚਾਰਾਂ ‘ਚ ਇਹ ਵੀ ਪ੍ਰਗਟਾਵਾ ਕੀਤਾ ਕਿ ਗਾਂ, ਜਿਸਨੂੰ ਗਾਂ ਮਾਤਾ ਵੀ ਪ੍ਰਵਾਨ ਕੀਤਾ ਜਾਂਦਾ ਹੈ, ਦੀ ਸੇਵਾ ਕਰਨ ਨਾਲ ਘਰ ਵਿੱਚ ਸੁੱਖ ਸ਼ਾਂਤੀ , ਧੰਨ ਦੌਲਤ ਦੀ ਕਮੀ ਨਹੀਂ ਆਉਂਦੀ ਹੈ। ਸ. ਇੰਦਰਬੀਰ ਸਿੰਘ ਨਿੱਜਰ ਨੇ ਅਜਨਾਲਾ ਖੇਤਰ ਸਮੇਤ ਪੰਜਾਬ ਭਰ ‘ਚ ਸਾਂਝਾ ਉਪਰਾਲਾ ਮਿਸ਼ਨ ਰੰਗਲਾ ਪੰਜਾਬ ਚੜਦੀ ਕਲਾ ਤਹਿਤ ਦੇਸ਼ ਵਿਦੇਸ਼ ਤੋਂ ਸਮਾਜ ਸੇਵੀ ,ਧਾਰਮਿਕ , ਮੁਲਾਜਮ, ਸੰਸਥਾਵਾਂ ਅਤੇ ਨਿੱਜੀ ਦਾਨ ਦਾਤਿਆਂ ਵਲੋਂ ਹੜ੍ਹ ਪੀੜਤਾਂ ਦੇ ਪੁਨਰ ਵਸੇਬੇ ਲਈ ਢਹਿ ਢੇਰੀ ਹੋਏ ਘਰਾਂ ਨੂੰ ਉਸਾਰਣ, ਲੰਗਰ , ਪੀਣ ਵਾਲਾ ਪਾਣੀ,ਜ਼ਮੀਨਾਂ ਨੂੰ ਵਾਹੀਯੋਗ ਬਣਾਉਣ, ਵਿਦਿਆਰਥੀਆਂ ਨੂੰ ਪੜਣ ਸਮੱਗਰੀ, ਬੈਗ, ਹੜ੍ਹ ਪੀੜਤਾਂ ਨੂੰ ਮੰਜੇ , ਬਿਸਤਰੇ, ਕੰਬਲ , ਦਵਾਈਆਂ ਆਦਿ ਦੇਣ ਅਤੇ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਪਾੜ ਪਏ ਧੁੱਸੀ ਬੰਨ੍ਹਾਂ ਨੂੰ ਬਣਾਉਣ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਨਤਮਸਤਕ ਹੁੰਦਿਆਂ ਸ਼ਲਾਘਾ ਕੀਤੀ।

  ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਰੈਡ ਕਰਾਸ ਭਵਿੱਖ ਵਿੱਚ ਵੀ ਲੋੜਵੰਦ ਪਰਿਵਾਰਾਂ ਲਈ ਮਦਦ ਜਾਰੀ ਰੱਖੇਗਾ।

Leave a Reply

Your email address will not be published. Required fields are marked *