ਕੇਂਦਰੀ ਜੇਲ੍ਹ, ਲੀਗਲ ਏਡ ਕਲੀਨਿਕਾਂ ਅਤੇ ਸਕੂਲਾਂ ਚ ਕਰਵਾਏ ਜਾਗਰੂਕਤਾ ਸਮਾਗਮ

ਹੁਸ਼ਿਆਰਪੁਰ, 20 ਦਸੰਬਰ :

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਹੁਸ਼ਿਆਰਪੁਰ ਰਜਿੰਦਰ ਅਗਰਵਾਲ  ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਨੀਰਜ ਗੋਇਲ   ਦੀ ਅਗਵਾਈ ਹੇਠ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸਬ-ਡਵੀਜ਼ਨਾਂ ਦੇ ਵੱਖ-ਵੱਖ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।

ਇਸੇ ਤਹਿਤ ਅੱਜ ਸਰਕਾਰੀ ਹਾਈ ਸਕੂਲ ਕਮਾਲਪੁਰ, ਲੀਗਲ ਏਡ ਕਲੀਨਿਕ/ਸਾਂਝ ਕੇਂਦਰ ਮਾਡਲ ਟਾਊਨ ਹੁਸ਼ਿਆਰਪੁਰ, ਗੁਰੂ ਰਾਮਦਾਸ ਜੀ ਨਰਸਿੰਗ ਕਾਲਜ ਹੁਸ਼ਿਆਰਪੁਰ, ਸਰਕਾਰੀ ਹਾਈ ਸਕੂਲ ਮੁਰਾਦਪੁਰ ਗੁਰੂ ਕਾ, ਲੀਗਲ ਏਡ ਕਲੀਨਿਕ ਗੜ੍ਹਸ਼ੰਕਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡੋਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੈਗੂੰਵਾਲ ਦੁਆਬਾ, ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਵੈਬਲ ਮੰਝ ਅਤੇ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਖੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੈਨਲ ਐਡਵੋਕੇਟਾਂ ਵੱਲੋਂ ‘ਬਾਲ ਵਿਵਾਹ ਮੁਕਤ ਭਾਰਤ’ ਮੁਹਿੰਮ ਸਬੰਧੀ ਵਿਦਿਆਰਥੀਆਂ ਨੂੰ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਲੜਕੀ ਦੀ ਵਿਆਹ ਦੀ ਉਮਰ 18 ਸਾਲ ਤੋਂ ਘੱਟ ਨਾ ਹੋਵੇ ਅਤੇ ਲੜਕੇ ਦੀ ਉਮਰ 21 ਸਾਲ ਤੋਂ ਘੱਟ ਨਹੀ ਹੋਣੀ ਚਾਹੀਦੀ। ਇਸ ਦੇ ਨਾਲ ਹੀ ਨਾਲਸਾ ਦੀ ਵਾਤਾਵਰਨ ਕਾਨੂੰਨੀ ਸਾਖ਼ਰਤਾ ਅਤੇ ਭਾਈਚਾਰਕ ਸੁਰੱਖਿਆ ਪਹਿਲਕਦਮੀ, ਜਿਸ ਦਾ ਸਿਰਲੇਖ ‘ਅੱਜ ਦੀ ਰੱਖਿਆ ਕਰੋ, ਕੱਲ੍ਹ ਨੂੰ ਸੁਰੱਖਿਅਤ ਕਰੋ’, ਬਾਰੇ ਦੱਸਦੇ ਹੋਏ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਪਿੰਡਾਂ ਵਿੱਚ ਪਰਾਲੀ ਨੂੰ ਨਾ ਸਾੜਿਆ ਜਾਵੇ ਨਾ ਹੀ ਪਲਾਸਟਿਕ ਨੂੰ ਅੱਗ ਲਗਾਈ ਜਾਵੇ, ਕਿਉਂਕਿ ਇਸ ਦੇ ਧੂੰਏਂ ਤੋਂ ਪ੍ਰਦੂਸ਼ਨ ਹਵਾ ਵਿੱਚ ਫ਼ੈਲਦਾ ਹੈ, ਜਿਸ ਨਾਲ ਕਈ ਬਿਮਾਰੀਆਂ ਲਗਦੀਆਂ ਹਨ। ਇਸ ਤੋ ਇਲਾਵਾ ‘ਮਨੁੱਖੀ ਰੋਗ-ਪ੍ਰਤੀਰੋਧੀ ਪ੍ਰਣਾਲੀ ਦਾ ਰੋਗ’ (ਐਚ. ਆਈ. ਵੀ ਏਡਸ) ਮੁਹਿੰਮ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਤੋਂ ਇਲਾਵਾ ਨਾਲਸਾ (ਡਰੱਗ ਜਾਗਰੂਕਤਾ ਅਤੇ ਤੰਦਰੁਸਤੀ ਨੈਵੀਗੇਸ਼ਨ— ਡਰੱਗ ਮੁਕਤ ਭਾਰਤ ਲਈ), ਯੋਜਨਾ 2025 ਅਤੇ ਸਿਹਤ, ਪਰਿਵਾਰਕ ਅਤੇ ਸਮਾਜਿਕ ਜੀਵਨ ‘ਤੇ ਨਸ਼ਿਆਂ ਦਾ ਪ੍ਰਭਾਵ ਅਤੇ ਐਨ.ਡੀ.ਪੀ.ਐਸ. ਐਕਟ ਦੇ ਕਾਨੂੰਨੀ ਉਪਬੰਦਾ ਬਾਰੇ ਜਾਣਕਾਰੀ ਦਿੱਤੀ ਗਈ। ਅੰਤ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਿੱਚ ਕੰਮ ਕਰ ਰਹੇ ਪੈਰਾ ਲੀਗਲ ਵਲੰਟੀਅਰਾਂ ਵੱਲੋ ਪ੍ਰਚਾਰ ਸਮੱਗਰੀ ਵੰਡੀ ਗਈ।

Leave a Reply

Your email address will not be published. Required fields are marked *