ਨੌਸ਼ਹਿਰਾ ਪੰਨੂਆਂ/ਤਰਨ ਤਾਰਨ, 29 ਜਨਵਰੀ 2026 ( ) – ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਈ ਜਾ ਰਹੀ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0 ਯੋਜਨਾ ਅਧੀਨ “ਪੋਸ਼ਣ ਵੀ, ਪੜ੍ਹਾਈ ਵੀ” ਮੁਹਿੰਮ ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ ਆਂਗਣਵਾੜੀ ਵਰਕਰਾਂ ਲਈ ਟਾਇਰ ਟੂ (-2) ਤਿੰਨ ਦਿਨਾਂ ਦੀ ਟ੍ਰੇਨਿੰਗ ਦਾ ਪਹਿਲਾ ਬੈਚ ਅੱਜ ਸਫ਼ਲਤਾਪੂਰਵਕ ਸੰਪੰਨ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਰਾਹੁਲ ਅਰੋੜਾ ਨੇ ਦੱਸਿਆ ਕਿ ਅੱਜ ਬਲਾਕ ਨੌਸ਼ਹਿਰਾ ਪੰਨੂਆਂ ਦੀਆਂ ਆਂਗਣਵਾੜੀ ਵਰਕਰਾਂ ਲਈ ਕਰਵਾਈ ਗਈ ਟ੍ਰੇਨਿੰਗ ਦਾ ਤੀਜਾ ਅਤੇ ਆਖ਼ਰੀ ਦਿਨ ਸੀ। ਤਿੰਨ ਦਿਨਾਂ ਦੌਰਾਨ ਆਂਗਣਵਾੜੀ ਵਰਕਰਾਂ ਨੂੰ ਬੱਚਿਆਂ ਦੀ ਸਮੁੱਚੀ ਵਿਕਾਸੀ ਪ੍ਰਕਿਰਿਆ, ਪੋਸ਼ਣ, ਸਿਹਤ, ਸ਼ੁਰੂਆਤੀ ਬਚਪਨ ਸਿੱਖਿਆ (ਈਸੀਸੀਈ) ਅਤੇ ਸਰਗਰਮੀ ਆਧਾਰਿਤ ਸਿੱਖਿਆ ਬਾਰੇ ਵਿਸਥਾਰ ਨਾਲ ਟ੍ਰੇਨਿੰਗ ਦਿੱਤੀ ਗਈ।
ਟ੍ਰੇਨਿੰਗ ਦੌਰਾਨ 3 ਤੋਂ 6 ਸਾਲ ਦੇ ਬੱਚਿਆਂ ਲਈ ਖੇਡ-ਅਧਾਰਿਤ (ਪਲੇਅ ਵੇ) ਸਿੱਖਣ ਵਿਧੀਆਂ ਉੱਤੇ ਖ਼ਾਸ ਧਿਆਨ ਦਿੱਤਾ ਗਿਆ। ਇਸ ਅਧੀਨ ਭਾਸ਼ਾ ਵਿਕਾਸ, ਬੌਧਿਕ ਵਿਕਾਸ, ਰਚਨਾਤਮਕ ਵਿਕਾਸ, ਸਰੀਰਕ ਵਿਕਾਸ ਅਤੇ ਸੱਭਿਆਚਾਰਕ ਵਿਕਾਸ ਨਾਲ ਸੰਬੰਧਿਤ ਵੱਖ-ਵੱਖ ਗਤਿਵਿਧੀਆਂ ਸ਼ਾਮਿਲ ਸਨ।
ਇਸ ਮੌਕੇ ‘ਪ੍ਰਥਮ ਐਜੂਕੇਸ਼ਨ ਫਾਊਂਡੇਸ਼ਨ’ ਦੀ ਟੀਮ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਬੱਚਿਆਂ ਲਈ ਖੇਡ-ਅਧਾਰਿਤ ਅਤੇ ਸਰਗਰਮੀ ਆਧਾਰਿਤ ਸਿੱਖਿਆ ਸੰਬੰਧੀ ਵਿਹਾਰਕ ਡੈਮੋਨਸਟ੍ਰੇਸ਼ਨ ਦਿੱਤੀ ਗਈ। ਪ੍ਰਥਮ ਟੀਮ ਵਿੱਚ ਪ੍ਰਭਦੀਪ ਕੌਰ (ਜ਼ਿਲ੍ਹਾ ਕੋਆਰਡੀਨੇਟਰ, ਤਰਨ ਤਾਰਨ), ਸਾਹਿਲਪ੍ਰੀਤ ਕੌਰ (ਸਹਾਇਕ ਜ਼ਿਲ੍ਹਾ ਕੋਆਰਡੀਨੇਟਰ, ਤਰਨ ਤਾਰਨ), ਗੁਰਪ੍ਰੀਤ ਕੌਰ (ਜ਼ਿਲ੍ਹਾ ਕੋਆਰਡੀਨੇਟਰ, ਅੰਮ੍ਰਿਤਸਰ) ਅਤੇ ਨਵਦੀਪ ਕੌਰ (ਸਹਾਇਕ ਜ਼ਿਲ੍ਹਾ ਕੋਆਰਡੀਨੇਟਰ, ਅੰਮ੍ਰਿਤਸਰ) ਸ਼ਾਮਿਲ ਸਨ। ਟ੍ਰੇਨਿੰਗ ਨੂੰ ਸ਼੍ਰੀ ਗੁਰਵੇਲ ਸਿੰਘ (ਜ਼ਿਲ੍ਹਾ ਕੋਆਰਡੀਨੇਟਰ, ਪੋਸ਼ਣ) ਦੀ ਅਗਵਾਈ ਹੇਠ ਸੁਚੱਜੇ ਢੰਗ ਨਾਲ ਕਰਵਾਇਆ ਗਿਆ, ਜਦਕਿ ਸੁਮਨਦੀਪ ਕੌਰ (ਸੁਪਰਵਾਈਜ਼ਰ, ਬਲਾਕ ਤਰਨ ਤਾਰਨ) ਵੱਲੋਂ ਟ੍ਰੇਨਿੰਗ ਦੌਰਾਨ ਪੂਰਾ ਸਹਿਯੋਗ ਦਿੱਤਾ ਗਿਆ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਰਾਹੁਲ ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਨਾਲ ਆਂਗਣਵਾੜੀ ਵਰਕਰਾਂ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ, ਜਿਸ ਨਾਲ ਬੱਚਿਆਂ ਨੂੰ ਪੋਸ਼ਣ ਦੇ ਨਾਲ-ਨਾਲ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਉਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਦੇ ਹੋਰ ਬਲਾਕਾਂ ਵਿੱਚ ਵੀ ਅਗਲੇ ਬੈਚਾਂ ਦੀ ਟ੍ਰੇਨਿੰਗ ਕਰਵਾਈ ਜਾਵੇਗੀ।

