ਪੁਲਿਸ ਨੇ ਫਿਰੌਤੀ ਮੰਗਣ ਵਾਲੇ ਗਰੋਹ ਦੇ 3 ਮੈਂਬਰ ਕੀਤੇ ਕਾਬੂ ! ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀਆਂ ਤੋਂ ਮੰਗੀ ਫਿਰੌਤੀ !

ਸ਼੍ਰੀ ਫਤਿਹਗੜ੍ਹ ਸਾਹਿਬ ( ਗਗਨਦੀਪ ਅਨੰਦਪੁਰੀ ) ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀਆਂ ਤੋਂ ਫਿਰੋਤੀਆਂ ਮੰਗਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਪੰਜਾਬ ਪੁਲਿਸ ਸੂਬੇ ਨੂੰ ਕਰਾਈਮ ਮੁਕਤ ਕਰਨ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਂਝੀ ਕੀਤੀ।

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਬੀਤੀ 18 ਨਵੰਬਰ ਨੂੰ ਮੰਡੀ ਗੋਬਿੰਦਗੜ੍ਹ ਦੇ ਅਮਨਦੀਪ ਸਿੰਘ ਉਰਫ ਬਾਦਲ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ 11 ਨਵੰਬਰ ਨੂੰ ਆਪਣੇ ਘਰ ਤੋਂ ਇਨੋਵਾ ਕਾਰ ‘ਤੇ ਦਸ਼ਹਿਰਾ ਗਰਾਊਂਡ ਦੀ ਬੈਕ ਸਾਈਡ ਪੁੱਜਾ ਤਾਂ ਪਿਛੋਂ ਇੱਕ ਬਿਨਾਂ ਨੰਬਰ ਦੇ ਮੋਟਰਸਾਈਕਲ ‘ਤੇ ਆਏ ਤਿੰਨ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ। ਅਮਨਦੀਪ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ, ਜਿਨ੍ਹਾਂ ਨੂੰ ਵੇਖ ਕੇ ਅਮਨਦੀਪ ਸਿੰਘ ਨੇ ਆਪਣੀ ਗੱਡੀ ਪਿਛੇ ਮੋੜ ਲਈ ਤਾਂ ਮੋਟਰਸਾਇਕਲ ਸਵਾਰਾਂ ਨੇ ਉਸ ਨੂੰ ਘੇਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਅਮਨਦੀਪ ਸਿੰਘ ਆਪਣੀ ਕਾਰ ਭਜਾ ਕੇ ਆਪਣੇ ਘਰ ਦੇ ਬਾਹਰ ਖੜ੍ਹੀ ਕਰ ਕੇ ਘਰ ਅੰਦਰ ਚਲਿਆ ਗਿਆ। ਇਸ ਉਪਰੰਤ ਮੁਲਜ਼ਮਾਂ ਨੇ ਉਸ ਦੇ ਘਰ ਦੇ ਬਾਹਰ ਆ ਕੇ ਘਰ ਦੇ ਬਾਹਰ ਖੜ੍ਹੀ ਕਾਰ ਦੇ ਤਲਵਾਰਾਂ ਨਾਲ ਸ਼ੀਸ਼ੇ ਤੋੜ ਅਤੇ ਅਤੇ ਉੱਚੀ-ਉੱਚੀ ਗਾਲੀ ਗਲੋਚ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੋਟਰਸਾਈਕਲ ‘ਤੇ ਫਰਾਰ ਹੋ ਗਏ। ਇਸ ਸਬੰਧੀ ਅਮਨਦੀਪ ਸਿੰਘ ਨੇ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਮੁਕਦਮਾ ਦਰਜ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ਼ੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ।

ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਇਸ ਮੁਕੱਦਮੇ ਸਬੰਧੀ ਐਸ.ਪੀ. (ਜਾਂਚ) ਰਾਕੇਸ਼ ਯਾਦਵ ਅਤੇ ਡੀ.ਐਸ.ਪੀ.,ਅਮਲੋਹ, ਗੁਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਅਰਸ਼ਦੀਪ ਸ਼ਰਮਾ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਤਫਤੀਸ਼ ਦੌਰਾਨ ਤਕਨੀਕ ਦੀ ਵਰਤੋਂ ਕਰਦੇ ਹੋਏ, ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਅਤੇ ਕਾਲ ਡਿਟੇਲਜ਼ ਹਾਸਲ ਕਰ ਕੇ ਘੋਖ ਕੀਤੀ ਗਈ। ਜਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਤਰਨਪ੍ਰੀਤ ਸਿੰਘ ਉਰਫ ਤਰਨ ਉਰਫ ਤਿਤਲੀ ਜੋ ਕਿ ਮੰਡੀ ਗੋਬਿੰਦਗੜ੍ਹ ਵਿਖੇ ਮੁਕੱਦਮਾ ਨੰਬਰ 189 ਮਿਤੀ 02-10-2024 ਵਿੱਚ ਲੋੜੀਂਦਾ ਸੀ ਅਤੇ ਫਰਾਰ ਚੱਲ ਰਿਹਾ ਸੀ, ਨੂੰ ਇਸੇ ਮੁਕੱਦਮੇ ਵਿੱਚ ਜੇਲ੍ਹ ਵਿੱਚ ਬੰਦ ਮੁਲਜ਼ਮ ਸੰਦੀਪ ਸਿੰਘ ਉਰਫ ਬਾਕਸਰ ਵੱਲੋਂ ਸੁਨੇਹਾ ਮਿਲਿਆ ਸੀ ਕਿ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀ ਅਮਨਦੀਪ ਸਿੰਘ ਅਤੇ ਆਕਾਸ਼ਦੀਪ ਸਿੰਘ ‘ਤੇ ਹਮਲਾ ਕਰ ਕੇ ਉਹਨਾਂ ਤੋਂ ਫਿਰੌਤੀ ਦੀ ਮੰਗ ਕੀਤੀ ਜਾਵੇ ਤਾਂ ਜੋ ਉਹਨਾਂ ਦਾ ਜੇਲ੍ਹ ਵਿੱਚ ਗੁਜ਼ਾਰਾ ਹੋ ਸਕੇ।

ਉਨ੍ਹਾਂ ਦੱਸਿਆ ਕਿ ਅਮਨਦੀਪ ਸਿੰਘ ਦੇ ਬਿਆਨ ‘ਤੇ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਮੁਕੱਦਮਾ ਨੰਬਰ 223 ਮਿਤੀ 15.11.2024 ਨੂੰ ਤਰਨਪ੍ਰੀਤ ਸਿੰਘ ਉਰਫ ਤਰਨ ਵਾਸੀ ਫੈਜਗੜ ਥਾਣਾ ਸਦਰ ਖੰਨਾ, ਅਮ੍ਰਿਤ ਸਿੰਘ ਵਾਸੀ ਬਸੰਤ ਨਗਰ ਖੰਨਾ ਅਤੇ ਗੁਰਦੀਪ ਸਿੰਘ ਉਰਫ ਦੀਪਾ ਵਾਸੀ ਰਤਨਹੇੜੀ ਥਾਣਾ ਸਿਟੀ -1 ਖੰਨਾ ਨੂੰ ਨਾਮਜ਼ਦ ਕੀਤਾ ਗਿਆ ਅਤੇ ਮੁਕੱਦਮੇ ਵਿੱਚ ਫਿਰੌਤੀ ਮੰਗਣ ਦੇ ਜੁਰਮ ਤਹਿਤ ਅ/ਧ 308 (7) ਬੀ.ਐਨ.ਐਸ ਦਾ ਵਾਧਾ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 1 ਪਿਸਤੌਲ (ਦੋਸੀ ਕੱਟਾ), 01 ਤਲਵਾਰ ਅਤੇ 01 ਗੰਡਾਸੀ ਬ੍ਰਾਮਦ ਕੀਤੀ ਗਈ ਹੈ। ਜਿਸ ਦੇ ਆਧਾਰ ‘ਤੇ ਮੁਕੱਦਮੇ ਵਿੱਚ ਆਰਮਜ਼ ਐਕਟ ਦੀ ਧਾਰਾ 25/54/59 ਦਾ ਵਾਧਾ ਕੀਤਾ ਗਿਆ।

ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ, ਇਹ ਗਰੋਹ ਜੇਲ੍ਹ ਵਿੱਚ ਬੈਠੇ ਆਪਣੇ ਮੁਲਜ਼ਮ ਸਾਥੀਆਂ ਨਾਲ ਮਿਲਕੇ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀਆਂ ਪਾਸੋਂ ਫਿਰੋਤੀਆਂ ਮੰਗਦੇ ਸਨ। ਤਫਤੀਸ਼ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਵੀ ਹੈ। ਪੁਲਿਸ ਵੱਲੋਂ ਕਾਬੂ ਕੀਤੇ ਮੁਲਜ਼ਮ ਤਰਨਪ੍ਰੀਤ ਸਿੰਘ ਉਰਫ ਤਰਨ ਉਰਫ ਤਿਤਲੀ ਖਿਲਾਫ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਹੇਠ 05 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

Be the first to comment

Leave a Reply

Your email address will not be published.


*