ਨਰੈਣ ਸਿੰਘ ਚੌੜਾ ਦਾ ਪੁਲਿਸ ਰਿਮਾਡ ਵਧਾਉਣਾ ਮਨੁੱਖੀ ਅਤੇ ਸਮਾਜਿਕ ਹੱਕਾਂ ਦਾ ਘਾਣ ਕਰਨ ਦੇ ਤੁੱਲ : ਮਾਨ

ਫ਼ਤਹਿਗੜ੍ਹ ਸਾਹਿਬ, 12 ਦਸੰਬਰ (ਗਗਨਦੀਪ ਅਨੰਦਪੁਰੀ ) “ਅੰਮ੍ਰਿਤਸਰ ਸੁਖਬੀਰ ਗੋਲੀ ਕਾਂਡ ਨਾਲ ਸੰਬੰਧਤ ਸ. ਨਰੈਣ ਸਿੰਘ ਚੌੜਾ ਜੋ 72 ਸਾਲਾਂ ਦੇ ਬਜੁਰਗ ਵਿਦਵਾਨ ਤੇ ਖਾਲਸਾ ਪੰਥ ਦੇ ਆਗੂ ਹਨ, ਉਨ੍ਹਾਂ ਨਾਲ ਸੈਂਟਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਕਿਸੇ ਮੰਦਭਾਵਨਾ ਭਰੀ ਸੋਚ ਅਧੀਨ ਗੈਰ ਵਿਧਾਨਿਕ ਅਤੇ ਗੈਰ ਇਨਸਾਨੀਅਤ ਢੰਗਾਂ ਰਾਹੀ ਵਿਵਹਾਰ ਕਰਨ ਦੇ ਅਮਲ ਅਤਿ ਦੁੱਖਦਾਇਕ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਨਿੰਦਣਯੋਗ ਹਨ ।
ਜਿਸ ਜੱਜ ਨੇ ਉਨ੍ਹਾਂ ਦਾ ਤੀਜੀ ਵਾਰ ਰਿਮਾਡ ਦੇ ਕੇ ਮੁਤੱਸਵੀ ਸੋਚ ਵਾਲਾ ਹੁਕਮ ਕੀਤਾ ਹੈ, ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਅਤਿ ਜਰੂਰੀ ਹੈ ਕਿ ਇਕ 72 ਸਾਲਾਂ ਦੇ ਬਜੁਰਗ ਨਾਲ ਪੁਲਿਸ ਰਿਮਾਡ ਨੂੰ ਵਾਰ-ਵਾਰ ਵਧਾਕੇ ਉਨ੍ਹਾਂ ਉਤੇ ਸਰੀਰਕ ਅਤੇ ਮਾਨਸਿਕ ਜ਼ਬਰ ਕਰਨ ਦੀ ਕਾਰਵਾਈ ਕਿਸੇ ਵੱਡੇ ਦੁਖਾਂਤ ਦਾ ਕਾਰਨ ਵੀ ਬਣ ਸਕਦੀ ਹੈ । ਜੇਕਰ ਰੱਬ ਨਾ ਕਰੇ ਕੋਈ ਅਜਿਹਾ ਵਰਤਾਰਾ ਹੋ ਗਿਆ ਤਾਂ ਸੰਬੰਧਤ ਜੱਜ ਜਿਨ੍ਹਾਂ ਨੇ ਤੀਜੀ ਵਾਰ ਪੁਲਿਸ ਰਿਮਾਡ ਦੇ ਕੇ ਹਕੂਮਤੀ ਜ਼ਬਰ ਵਿਚ ਸਾਥ ਦਿੱਤਾ ਹੈ,
ਕੀ ਉਨ੍ਹਾਂ ਨੂੰ ਕਾਨੂੰਨੀ ਅਤੇ ਇਖਲਾਕੀ ਤੌਰ ਤੇ ਵੱਡੇ ਰੋਹ ਦਾ ਸਾਹਮਣਾ ਨਹੀ ਕਰਨਾ ਪਵੇਗਾ ? ਕਿਉਂਕਿ ਪੰਜਾਬੀਆਂ ਅਤੇ ਸਿੱਖਾਂ ਦੇ ਮਸਲਿਆ ਨੂੰ ਸਹਿਜਤਾ ਨਾਲ ਹੱਲ ਕਰਨ ਦੀ ਬਜਾਇ ਇਹ ਦੋਵੇ ਸਰਕਾਰਾਂ ਪੰਜਾਬ ਦੇ ਮਾਹੌਲ ਨੂੰ ਕਿਸੇ ਸੋਚੀ ਸਮਝੀ ਸਾਜਿਸ ਅਧੀਨ ਗੰਧਲਾ ਵੀ ਕਰ ਰਹੀਆ ਹਨ ਅਤੇ ਪੰਜਾਬੀਆਂ ਨੂੰ ਨਿਸਾਨਾਂ ਬਣਾਕੇ ਉਨ੍ਹਾਂ ਉਤੇ ਆਨੇਬਹਾਨੇ ਜ਼ਬਰ ਜੁਲਮ ਢਾਹੁਣ ਦੀਆਂ ਕਾਰਵਾਈਆ ਵੀ ਕਰਦੀਆ ਨਜਰ ਆ ਰਹੀਆ ਹਨ ।
ਸਮੁੱਚੇ ਖਾਲਸਾ ਪੰਥ ਦੀਆਂ ਨਜਰਾਂ ਸ. ਨਰੈਣ ਸਿੰਘ ਚੌੜਾ ਦੇ ਨਾਲ ਕੀਤੇ ਜਾ ਰਹੇ ਹਕੂਮਤੀ ਵਿਵਹਾਰ ਤੇ ਲੱਗੀਆ ਹੋਈਆ ਹਨ । ਇਸ ਲਈ ਦੋਵੇ ਸਰਕਾਰਾਂ ਇਸ ਗੱਲ ਤੇ ਸੁਚੇਤ ਰਹਿਣ ਕਿ ਜੇਕਰ ਉਨ੍ਹਾਂ ਨਾਲ ਕੋਈ ਗੈਰ ਵਿਧਾਨਿਕ ਜਾਂ ਗੈਰ ਸਮਾਜਿਕ ਅਮਲ ਹੋਇਆ ਤਾਂ ਖਾਲਸਾ ਪੰਥ ਸਹਿਣ ਨਹੀ ਕਰੇਗਾ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਨਰੈਣ ਸਿੰਘ ਚੌੜਾ ਦੇ ਤੀਜੀ ਵਾਰ ਮੁਤੱਸਵੀ ਸੋਚ ਅਧੀਨ ਪੁਲਿਸ ਰਿਮਾਡ ਵਧਾਏ ਜਾਣ ਅਤੇ 72 ਸਾਲਾਂ ਦੇ ਬਜੁਰਗ ਵਿਦਵਾਨ ਉਤੇ ਹੁਕਮਰਾਨਾਂ ਤੇ ਪੁਲਿਸ ਵੱਲੋ ਕੀਤੇ ਜਾ ਰਹੇ ਜ਼ਬਰ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਪ੍ਰਗਟ ਕੀਤੇ ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਸ. ਸੁਖਬੀਰ ਸਿੰਘ ਬਾਦਲ ਅਤੇ ਦੂਸਰੇ ਅਕਾਲੀ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪੇਸ ਹੁੰਦੇ ਹੋਏ ਆਪਣੇ ਅੱਜ ਤੱਕ ਦੇ ਸਭ ਕੀਤੇ ਗਏ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਇਖਲਾਕੀ ਗੁਨਾਹਾਂ ਨੂੰ ਖੁਦ ਆਪਣੀ ਆਵਾਜ ਵਿਚ ਬੋਲਦੇ ਹੋਏ ਪ੍ਰਵਾਨ ਕੀਤਾ ਹੈ ਅਤੇ ਜੋ ਆਗੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਦੀਆਂ ਸਾਜਿਸਾਂ ਦੀ ਸਰਪ੍ਰਸਤੀ ਅਤੇ ਸਿੱਖਾਂ ਦੇ ਕਤਲ ਕਰਵਾਉਦੇ ਰਹੇ ਹਨ, ਸਾਡੀਆਂ ਮਹਾਨ ਮਰਿਯਾਦਾਵਾ ਦਾ ਘਾਣ ਕਰਦੇ ਰਹੇ ਹਨ, ਛੇਕੇ ਤਾਂ ਉਹ ਜਾਣੇ ਚਾਹੀਦੇ ਹਨ ਨਾ ਕਿ ਸ. ਨਰੈਣ ਸਿੰਘ ਚੌੜਾ ਵਰਗੇ 72 ਸਾਲਾਂ ਦੇ ਬਜੁਰਗ ਵਿਦਵਾਨ ।

Leave a Reply

Your email address will not be published. Required fields are marked *