ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਿੰਡ ਦਹੀਰਪੁਰ, ਤਖਤਗੜ੍ਹ, ਸੈਣੀਮਾਜਰਾ ਤੇ ਨੂਰਪੁਰ ਬੇਦੀ ‘ਚ ਚੱਲ ਰਹੇ ਖੇਡ ਮੈਦਾਨਾਂ ਦੇ ਕੰਮ ਦਾ ਲਿਆ ਅਚਨਚੇਤ ਜਾਇਜ਼ਾ

ਰੂਪਨਗਰ, 26 ਜਨਵਰੀ: ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਹਲਕਾ ਰੂਪਨਗਰ ਦੇ ਪਿੰਡ ਦਹੀਰਪੁਰ, ਤਖਤਗੜ੍ਹ, ਸੈਣੀਮਾਜਰਾ ਤੇ ਨੂਰਪੁਰ ਬੇਦੀ ਵਿੱਚ ਖੇਡ ਮੈਦਾਨਾਂ ਦੇ ਚੱਲ ਰਹੇ ਕੰਮ ਦਾ ਅਚਨਚੇਤ ਜਾਇਜ਼ਾ ਲਿਆ, ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਵੀ ਮੌਜੂਦ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਭਰ ਵਿੱਚ 3,100 ਪੇਂਡੂ ਖੇਡ ਮੈਦਾਨ ਤਿਆਰ ਕਰ ਰਹੀ ਹੈ, ਜਿਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਵਲ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੈਦਾਨਾਂ ਨੂੰ ਬਣਾਉਣ ਦਾ ਕਾਰਜ 30 ਅਪ੍ਰੈਲ 2026 ਤੱਕ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ।
ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹ ਸਟੇਡੀਅਮ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਵਧੀਆ ਮੌਕਾ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ “ਹਰ ਪਿੰਡ ਖੇਡ ਮੈਦਾਨ” ਮੁਹਿੰਮ ਨੂੰ ਮਿਸ਼ਨ ਦੇ ਰੂਪ ਵਿੱਚ ਅੱਗੇ ਵਧਾ ਰਹੀ ਹੈ ਤਾਂ ਜੋ ਪਿੰਡ ਪੱਧਰ ‘ਤੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਲਾਪ੍ਰਵਾਹੀ, ਦੇਰੀ ਤੇ ਗੁਣਵੱਤਾ ਨਾਲ ਸਮਝੌਤਾ ਕਰਨ ਵਾਲੇ ਅਧਿਕਾਰੀਆਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਣ ਰਹੇ ਪੇਂਡੂ ਖੇਡ ਮੈਦਾਨਾਂ ਦੀ ਪ੍ਰਗਤੀ ਅਤੇ ਗੁਣਵੱਤਾ ਨੂੰ ਲੈ ਕੇ ਪੰਜਾਬ ਸਰਕਾਰ ਪੂਰਨ ਤੌਰ ਉੱਤੇ ਸਪੱਸ਼ਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੇ ਤਿੰਨ ਵਿਸ਼ੇਸ਼ ਫਲਾਇੰਗ ਸਕੁਆਡ ਤਾਇਨਾਤ ਕੀਤੇ ਹਨ ਜੋ ਕਿ ਕੰਮ ਦੀ ਗੁਣਵੱਤਾ ਦੀ ਪਿੰਡਾਂ ਵਿੱਚ ਜਾ ਕੇ ਜ਼ਮੀਨੀ ਪੱਧਰ ’ਤੇ ਜਾਂਚ ਕਰਨਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ, ਐਕਸੀਅਨ ਪੰਚਾਇਤੀ ਰਾਜ ਅਵਤਾਰ ਸਿੰਘ, ਬੀਡੀਪੀਓ ਅਵਤਾਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇਸ ਰਾਜ ਸੈਣੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਿੰਦਰ ਕੌਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਲਾਲੀ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਅਵਤਾਰ ਸਿੰਘ ਕੁੰਨਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Leave a Reply

Your email address will not be published. Required fields are marked *