ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਲਈ 2 ਥਾਵਾਂ ਤੇ ਟਰਾਲੀ ਸਿਟੀ ਦਾ ਹੋਵੇਗਾ ਨਿਰਮਾਣ- ਹਰਜੋਤ ਬੈਂਸ

ਸ੍ਰੀ ਅਨੰਦਪੁਰ ਸਾਹਿਬ 13 ਫਰਵਰੀ: ਦੇਸ਼ ਵਿਦੇਸ਼ ਤੋਂ ਹੋਲਾ ਮਹੱਲਾ 2026 ਮਨਾਉਣ ਲਈ ਲੱਖਾਂ ਦੀ ਤਾਦਾਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਪੁਖਤਾ ਪ੍ਰਬੰਧ ਯਕੀਨੀ ਕਰਨ ਲਈ ਸ੍ਰ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਇਸ ਵਾਰ ਸੰਗਤਾਂ ਦੀ ਸਹੂਲਤ ਲਈ ਮੇਲਾ ਖੇਤਰ ਵਿੱਚ ਟੈਂਟ ਸਿਟੀ, ਟਰਾਲੀ ਸਿਟੀ, ਈ-ਰਿਕਸ਼ਾ ਵਿਵਸਥਿਤ ਢੰਗ ਨਾਲ ਮੁਹੱਇਆ ਕਰਵਾਏ ਜਾ ਰਹੇ ਹਨ।  ਉਨ੍ਹਾਂ ਨੇ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਮੌਕੇ ਵਿਸ਼ਵ ਪ੍ਰਸਿੱਧ ਵਿਰਾਸਤ ਏ ਖਾਲਸਾ ਯਾਦਗਾਰ ਵਿੱਚ ਆਤਿਸ਼ਬਾਜੀ ਦੇ ਅਲੋਕਿਕ ਦ੍ਰਿਸ਼ ਵਿਖਾਈ ਦੇਣਗੇ। ਗੁਰੂ ਨਗਰੀ ਦਾ ਕੋਨਾ ਕੋਨਾ ਸੁੰਦਰ ਲਾਈਟਾਂ ਨਾਲ ਰੁਸ਼ਨਾਇਆ ਜਾਵੇਗਾ।
ਸ੍ਰ.ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ੍ਰ.ਭਗਵੰਤ ਸਿੰਘ ਮਾਨ ਦੇ ਧਿਆਨ ਵਿਚ ਆਇਆ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸਰਾਵਾਂ ਹੋਣ ਦੇ ਬਾਵਜੂਦ ਵੀ ਸ਼ਰਧਾਲੂਆਂ ਨੂੰ ਰਹਿਣ ਵਿਚ ਕਾਫੀ ਦਿੱਕਤ ਆਉਦੀ ਹੈ ਅਤੇ ਇਸ ਦੇ ਨਾਲ ਹੀ ਵੱਡੀ ਗਿਣਤੀ ਵਿਚ ਸ਼ਰਧਾਲੂ ਆਪਣੀਆਂ ਟਰੈਕਟਰ ਟਰਾਲੀਆਂ ਨੂੰ ਸਜ਼ਾ ਕੇ ਇਸ ਵਿੱਚ ਰਹਿਣ ਦਾ ਪ੍ਰਬੰਧ ਕਰਕੇ ਆਉਦੇ ਹਨ। ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਇੱਕ ਸਥਾਈ ਟੈਂਟ ਸਿਟੀ ਅਤੇ ਟਰਾਲੀ ਸਿਟੀ ਸਥਾਪਿਤ ਕੀਤੀ ਜਾ ਰਹੀ ਹੈ, ਜੋ ਆਪਣੇ ਆਪ ਵਿਚ ਵਿਲੱਖਣ ਹੋਵੇਗੀ।
ਇਸ ਉਪਰੰਤ ਹਰਜੋਤ ਸਿੰਘ ਬੈਂਸ ਨੇ ਹਦਾਇਤ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਆਉਣ ਵਾਲੇ ਵਾਹਨਾਂ ਲਈ ਸੁਚੱਜੇ ਢੰਗ ਨਾਲ ਵੱਡੀਆ ਪਾਰਕਿੰਗਾਂ ਦਾ ਇੰਤਜਾਮ ਮੁਕੰਮਲ ਕੀਤਾ ਜਾਵੇ, ਜਿੱਥੇ ਸ਼ਰਧਾਲੂਆਂ ਦੀ ਸਹੂਲਤ ਲਈ ਹੈਲਪ ਡੈਸਕ ਅਤੇ ਹੋਰ ਸੂਚਨਾ ਮੁਹੱਇਆ ਕਰਵਾਉਣ ਦਾ ਪ੍ਰਬੰਧ ਯਕੀਨੀ ਕੀਤਾ ਜਾਵੇ ਅਤੇ ਪਾਰਕਿੰਗਾਂ ਵਿੱਚ ਈ ਰਿਕਸ਼ਾ, ਸ਼ਟਲ ਬੱਸ ਸਰਵਿਸ, ਪੀਣ ਵਾਲਾ ਪਾਣੀ, ਰੋਸ਼ਨੀ ਅਤੇ ਪਖਾਨੇ ਅਤੇ ਹੋਰ ਪ੍ਰਬ਼ੰਧ ਵੀ ਕੀਤੇ ਜਾਣਗੇ।  ਉਨ੍ਹਾ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਮੇਲਾ ਖੇਤਰ ਬਾਰੇ ਸਮੁੱਚੀ ਜਾਣਕਾਰੀ ਦੇਣ ਲਈ 20 ਐਲ.ਈ.ਡੀ ਸਕਰੀਨ ਲਗਾਈਆਂ ਜਾਣਗੀਆਂ, ਜਿੱਥੇ ਪਬਲਿਕ ਐਡਰੈਸ ਸਿਸਟਮ ਵੀ ਸਥਾਪਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿੱਚ ਸਾਫ ਸਫਾਈ, ਪੀਣ ਵਾਲਾ ਪਾਣੀ, ਨਿਰਵਿਘਨ ਬਿਜਲੀ ਸਪਲਾਈ, ਸੁਚਾਰੂ ਆਵਾਜਾਈ, ਸੁਰੱਖਿਆਂ, ਸਿਹਤ ਸਹੂਲਤਾਂ ਦੇ ਵਿਸੇਸ਼ ਪ੍ਰਬੰਧ ਕੀਤੇ ਜਾਣਗੇ।
ਅੱਜ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਅਦਿੱਤਿਆ ਡੇਚਲਵਾਲ ਅਤੇ ਐਸ.ਐਸ.ਪੀ ਸ੍ਰੀ ਮਨਿੰਦਰ ਸਿੰਘ ਸਮੇਤ ਜਿਲ੍ਹਾ ਅਧਿਕਾਰੀਆਂ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਪ੍ਰਬੰਧਾਂ ਸਬੰਧੀ ਵਿਸੇਸ਼ ਮੀਟਿੰਗ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ.ਭਗਵੰਤ ਸਿੰਘ ਮਾਨ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਵਿਸ਼ਵ ਪ੍ਰਸਿੱਧ ਤਿਉਹਾਰ ਹੋਲਾ ਮਹੱਲਾ ਮਨਾਉਣ ਲਈ ਵਿਆਪਕ ਪੱਧਰ ਤੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਦੇਸ਼ ਤੋ ਲੱਖਾਂ ਸੰਗਤਾਂ/ਸ਼ਰਧਾਲੂ ਇਸ ਤਿਉਹਾਰ ਨੂੰ ਮਨਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਪੁੱਜਦੇ ਹਨ। 27,28 ਫਰਵਰੀ ਤੇ 1 ਮਾਰਚ ਕੀਰਤਪੁਰ ਸਾਹਿਬ ਵਿਖੇ ਅਤੇ 2,3,4 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੜ੍ਹਦੀਕਲਾਂ ਦਾ ਪ੍ਰਤੀਕ ਤਿਉਹਾਰ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਪ੍ਰਸਾਸ਼ਨ ਵੱਲੋਂ ਲਗਾਤਾਰ ਬੈਠਕਾਂ ਕਰਕੇ ਸਮੁੱਚੇ ਪ੍ਰਬੰਧਾਂ ਨੂੰ ਅੰਤਿਮ ਛੋਹਾ ਦਿੱਤੀਆਂ ਜਾ ਰਹੀਆਂ ਹਨ।
ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਹੋਲਾ ਮਹੱਲਾ ਤਿਉਹਾਰ ਮੌਕੇ ਸਮੁੱਚੇ ਮੇਲਾ ਖੇਤਰ ਨੂੰ 11 ਸੈਕਟਰਾਂ ਵਿਚ ਵੰਡਿਆ ਗਿਆ ਹੈ। ਸੰਗਤਾਂ ਦੀ ਸਹੂਲਤ ਲਈ ਦੋ ਥਾਵਾਂ ਤੇ ਟਰਾਲੀ ਸਿਟੀ ਬਣਾਈ ਜਾ ਰਹੀ ਹੈ, ਸਾਢੇ ਪੰਜ ਏਕੜ ਵਿਚ ਝਿੰਜੜੀ ਅਤੇ ਚਰਨ ਗੰਗਾ ਖੱਡ ਨੂੰ ਟਰਾਲੀ ਸਿਟੀ ਲਈ ਨਿਰਧਾਰਤ ਕੀਤਾ ਹੈ। 8 ਏਕੜ ਵਿੱਚ ਟੈਂਟ ਸਿਟੀ ਸ਼ਰਧਾਲੂਆਂ ਦੇ ਠਹਿਰਾਓ ਲਈ ਬਣਾਈ ਜਾ ਰਹੀ ਹੈ ਜੋ ਪੂਰਾ ਸਾਲ ਸਥਾਪਿਤ ਰਹੇਗੀ। ਮੁੱਖ ਮੰਤਰੀ ਤੀਰਥ ਯਾਤਰਾਂ ਮੌਕੇ ਗੁਰੂ ਨਗਰੀ ਵਿਚ ਗੁਰਧਾਮਾਂ ਦੇ ਦਰਸ਼ਨਾ ਲਈ ਆਉਣ ਵਾਲੀ ਸੰਗਤ ਨੂੰ ਠਹਿਰਣ ਵਿਚ ਕੋਈ ਮੁਸ਼ਕਿਲ ਪੇਸ਼ ਨਹੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਸ਼ਰਧਾਲੂਆਂ ਲਈ 60 ਸ਼ਟਲ ਬੱਸ ਸਰਵਿਸ ਅਤੇ 100 ਈ ਰਿਕਸ਼ਾ ਦੀ ਮੁਫਤ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾਂ ਦੇ ਕਾਰਡ ਵੀ ਹੋਲਾ ਮਹੱਲਾ ਦੌਰਾਨ ਬਣਾਏ ਜਾਣਗੇ। ਸਮੁੱਚੇ ਮੇਲਾ ਖੇਤਰ ਵਿੱਚ ਹਰ ਸੈਕਟਰ ਵਿੱਚ ਆਮ ਆਦਮੀ ਕਲੀਨਿਕ ਸਥਾਪਿਤ ਹੋਣਗੇ, ਜਿੱਥੇ ਡਾਕਟਰਾਂ ਦੀਆਂ ਟੀਮਾਂ ਸ਼ਰਧਾਲੂਆਂ ਨੂੰ ਮੁਫਤ ਸਿਹਤ ਸਹੂਲਤਾਂ ਦੇਣਗੀਆਂ। ਉਨ੍ਹਾਂ ਨੇ ਕਿਹਾ ਕਿ ਹੋਲਾ ਮਹੱਲਾ ਮੋਕੇ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾ ਨਿਹੰਗ ਸਿੰਘ ਆਪਣੇ ਘੋੜੀਆਂ ਨਾਲ ਇੱਥੇ ਪੁੱਜਦੇ ਹਨ, ਜਿਨ੍ਹਾਂ ਦੇ ਘੋੜੀਆਂ ਲਈ ਵਿਸੇਸ਼ ਵੈਟਨਰੀ ਡਿਸਪੈਂਸਰੀਆਂ ਕਾਇਮ ਕੀਤੀਆ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਸਮੁੱਚੇ ਮੇਲਾ ਖੇਤਰ ਵਿਚ ਨਿਰਵਿਘਨ ਬਿਜਲੀ ਅਤੇ ਜਲ ਸਪਲਾਈ ਆਰਜ਼ੀ ਪਖਾਨੇ, ਰੋਸ਼ਨੀ, ਸਾਫ ਸਫਾਈ, ਪਾਣੀ ਦਾ ਛਿੜਕਾਓ, ਫੋਗਿੰਗ ਦਾ ਪ੍ਰਬੰਧ ਕੀਤਾ ਗਿਆ ਹੈ।
ਸ੍ਰ.ਬੈਂਸ ਨੇ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਲਈ ਵਿਸੇਸ਼ ਟੀਮਾਂ ਦਾ ਗਠਨ ਕੀਤਾ ਗਿਆ , ਹਰ ਸੈਕਟਰ ਦੇ ਇੰਚਾਰਜ ਜੀ.ਓ ਲਗਾਏ ਗਏ ਹਨ, ਪਾਰਕਿੰਗ ਸਥਾਨਾ ਤੇ ਵੀ ਢੁਕਵੀਆਂ ਸਹੂਲਤਾਂ ਉਪਲੱਬਧ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਤਿਉਹਾਰ ਮੌਕੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੇ ਪੂਰੀ ਤਰਾਂ ਮਨਾਹੀ ਕੀਤੀ ਗਈ ਹੈ। ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਹਦੂਦ ਅੰਦਰ ਸ਼ਰਾਬ, ਮੀਟ ਅਤੇ ਕਿਸੇ ਵੀ ਕਿਸਮ ਦਾ ਤੰਬਾਕੂ ਵਾਲੀਆਂ ਵਸਤੂਆਂ ਦੇ ਵੇਚਣ ਤੇ ਵਰਤਣ ਤੇ ਪੂਰੀ ਪਾਬੰਦੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਧਾਰਮਿਕ ਸਖਸ਼ੀਅਤਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਸੰਗਤਾਂ ਨੂੰ ਅਪੀਲ ਕਰਨ ਕਿ ਉਹ ਇਸ ਤਿਉਹਾਰ ਮੌਕੇ ਮਰਿਆਦਾ ਦਾ ਪਾਲਣ ਕਰਨ। ਉਨ੍ਹਾਂ ਨੇ ਕਿਹਾ ਕਿ ਹੋਲਾ ਮਹੱਲਾ ਤਿਉਹਾਰ ਸਾਡਾ ਸਭ ਤੋ ਵੱਡਾ ਤਿਉਹਾਰ ਹੈ ਜਿਸ ਨੂੰ ਅਸੀ ਰਲ ਮਿਲ ਕੇ ਮਨਾਂਉਣਾਂ ਹੈ, ਇਸ ਦੇ ਲਈ ਸਭ ਦਾ ਸਹਿਯੋਗ ਜਰੂਰੀ ਹੈ।
ਹੋਲਾ ਮਹੱਲਾ ਤਿਉਹਾਰ ਮੌਕੇ ਕਰਾਫਟ ਮੇਲਾ ਅਤੇ ਵਿਰਾਸਤੀ ਖੇਡਾਂ ਹੋਣਗੀਆਂ ਮੁੱਖ ਆਕਰਸ਼ਣ
ਸ੍ਰ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿਰਾਸਤ ਏ ਖਾਲਸਾ ਵਿਚ ਕਰਾਫਟ ਮੇਲਾ ਲਗਾਇਆ ਜਾਵੇਗਾ ਜਿੱਥੇ ਪੰਜਾਬ ਦੇ ਹੁਨਰ ਨੂੰ ਦਰਸਾਇਆ ਜਾਵੇਗਾ। ਚਰਨ ਗੰਗਾ ਸਟੇਡੀਅਮ ਵਿੱਚ ਵਿਰਾਸਤੀ ਖੇਡਾਂ ਕਰਵਾਇਆ ਜਾਣਗੀਆਂ ਜਿਸ ਵਿੱਚ ਪੰਜਾਬ ਦੇ ਵਿਰਸੇ ਦੀ ਝਲਕ ਨਜ਼ਰ ਆਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਅਵਿਕੇਸ਼ ਗੁਪਤਾ, ਐੱਸਪੀ ਅਰਵਿੰਦ ਮੀਨਾ, ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਕਮ ਮੇਲਾ ਅਫਸਰ ਜਸਪ੍ਰੀਤ ਸਿੰਘ, ਆਰਟੀਓ ਅਰਸ਼ਦੀਪ ਸਿੰਘ, ਸ.ਗੁਰਕਰਨ ਸਿੰਘ ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ, ਐਸਡੀਐਮ ਮੋਰਿੰਡਾ ਗੁਰਦੇਵ ਸਿੰਘ ਧੰਮ, ਸਹਾਇਕ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੋਮਲ,  ਡੀਐੱਸਪੀ ਸ੍ਰੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਮਾਨ, ਡੀਐੱਸਪੀ ਕੁਲਭੂਸ਼ਣ, ਜ਼ਿਲ੍ਹਾ ਮਾਲ ਅਫ਼ਸਰ ਬਾਦਲਦੀਨ, ਸਿਵਲ ਸਰਜਨ ਡਾ. ਨਵਰੂਪ ਕੌਰ, ਐਸਜੀਪੀਸੀ ਤੋਂ ਸੂਚਨਾ ਅਫਸਰ ਹਰਪ੍ਰੀਤ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਐਸਐਸ ਭੁੱਲਰ, ਐੱਸਐੱਚਓ ਸ੍ਰੀ ਅਨੰਦਪੁਰ ਸਾਹਿਬ ਦਾਨਿਸ਼ਵੀਰ ਸਿੰਘ, ਕਾਰਜ ਸਾਧਕ ਅਫਸਰ ਸ੍ਰੀ ਅਨੰਦਪੁਰ ਸਾਹਿਬ ਗੁਰਦੀਪ ਸਿੰਘ, ਜ਼ਿਲ੍ਹਾ ਫੂਡ ਸਪਲਾਈ ਅਫਸਰ ਡਾ.ਕਿੰਮੀ ਵਨੀਤ ਕੌਰ ਸੇਠੀ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਅਤੇ ਵੱਖ ਵੱਖ ਵਿਭਾਗਾਂ ਤੋਂ ਹੋਰ ਉੱਚ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *