ਗੁਆਂਢੀ ਮੁਲਕ ਵੱਲੋਂ ਸੂਬੇ ‘ਚ ਮਾਹੌਲ ਖ਼ਰਾਬ ਕਰਨ ਦੀ ਕੀਤੀ ਜਾ ਰਹੀ ਹੈ ਸਾਜ਼ਿਸ਼: ਰਾਜਪਾਲ

ਫਿਰੋਜ਼ਪੁਰ, 10 ਫਰਵਰੀ 2026.
ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਡਿਪਟੀ ਕਮਿਸ਼ਨਰ ਦਫਤਰ ਵਿਖੇ ਪਹੁੰਚ ਕੇ ਪੇਂਡੂ ਰੱਖਿਆ ਕਮੇਟੀਆਂ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਕਮੇਟੀ ਮੈਂਬਰਾਂ ਨਾਲ ਵਿਚਾਰ- ਵਟਾਂਦਰਾ ਕਰਦਿਆਂ ਜਿੱਥੇ ਉਨ੍ਹਾਂ ਨੂੰ ਨਸ਼ੇ ਖਿਲਾਫ਼ ਮੁਹਿੰਮ ਵਿੱਚ ਹੋਰ ਉਤਸੁਕਤਾ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ ਉੱਥੇ ਹੀ ਉਨ੍ਹਾਂ ਕੋਲੋਂ ਲੋੜੀਂਦੇ ਸੁਝਾਅ ਵੀ ਲਏ।
ਪੇਂਡੂ ਰੱਖਿਆ ਕਮੇਟੀ ਦੇ ਮੈਂਬਰਾਂ ਨਾਲ ਨਸ਼ੇ ਨੂੰ ਠੱਲ ਪਾਉਣ ਲਈ ਕੀਤੀ ਜਾ ਰਹੀ ਮੀਟਿੰਗ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਗੁਆਂਢੀ ਮੁਲਕ ਵੱਲੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਰਾਹੀਂ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਜਿਸ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਸਿਰਫ਼ ਸਰਕਾਰੀ ਯਤਨਾਂ ਨਾਲ ਖਤਮ ਨਹੀਂ ਕੀਤਾ ਜਾ ਸਕਦਾ, ਇਸ ਲਈ ਸਮਾਜ ਦੇ ਹਰ ਵਰਗ, ਮਾਪਿਆਂ, ਅਧਿਆਪਕਾਂ, ਨੌਜਵਾਨਾਂ, ਆਮ ਲੋਕਾਂ ਅਤੇ ਪ੍ਰਸ਼ਾਸਨ ਨੂੰ ਮਿਲ ਕੇ ਸਰਗਰਮ ਭੂਮਿਕਾ ਨਿਭਾਉਣੀ ਪਵੇਗੀ।
ਮੀਟਿੰਗ ਦੌਰਾਨ ਰਾਜਪਾਲ ਨੇ ਕਿਹਾ ਕਿ ਪੇਂਡੂ ਰੱਖਿਆ ਕਮੇਟੀਆਂ ਦੀ ਭੂਮਿਕਾ ਨਸ਼ਾ ਵਿਰੋਧੀ ਮੁਹਿੰਮ ਵਿਚ ਬਹੁਤ ਮਹੱਤਵਪੂਰਨ ਹੈ ਅਤੇ ਉਹ ਤਕੜੇ ਹੋ ਕੇ ਆਪਣੇ ਪਿੰਡਾਂ ਦੀ ਨਿਗਰਾਨੀ ਕਰਨ। ਉਨਾ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੇ ਪਿੰਡਾਂ ਵਿੱਚ ਪੂਰੀ ਤਰ੍ਹਾਂ ਨਿਗਰਾਨੀ ਰੱਖਣ ਅਤੇ ਉਹਨਾਂ ਦੇ ਪਿੰਡ ਦੇ ਨੌਜਵਾਨ ਕਿਸ ਦਿਸ਼ਾ ਵੱਲ ਚੱਲ ਰਹੇ ਹਨ ਇਸ ਗੱਲ ਦਾ ਵੀ ਧਿਆਨ ਰੱਖਣ ਤਾਂ ਜੋ ਕੋਈ ਵੀ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਨਾ ਫਸੇ| ਇਸ ਦੌਰਾਨ ਉਹਨਾਂ ਪੇਂਡੂ ਰੱਖਿਆ ਕਮੇਟੀਆਂ ਦੇ ਮੈਂਬਰਾਂ ਤੋਂ ਇਸ ਮੁਹਿੰਮ ਨੂੰ ਹੋਰ ਬਿਹਤਰ ਢੰਗ ਨਾਲ ਚਲਾਉਣ ਲਈ ਸੁਝਾਅ ਵੀ ਲਏ।
ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਅਤੇ ਖਾਲੀਪਣ ਨਸ਼ੇ ਦੀ ਲਤ ਦੇ ਮੂਲ ਕਾਰਨ ਹਨ। ਉਨ੍ਹਾਂ ਕਿਹਾ ਜੇਕਰ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਜੋੜਿਆ ਜਾਵੇ ਤਾਂ ਉਹ ਇਸ ਬੁਰਾਈ ਤੋਂ ਬਚ ਸਕਦੇ ਹਨ। ਇਸ ਲਈ ਸਾਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਸਾਡੇ ਬੱਚੇ ਨਸ਼ੇ ਦੀ ਲੱਤ ਤੋਂ ਦੂਰ ਰਹਿ ਸਕਣ|
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪੰਜਾਬ ਵੀਰਾਂ, ਸੰਤਾਂ ਅਤੇ ਸ਼ਹੀਦਾਂ ਦੀ ਧਰਤੀ ਹੈ, ਜਿਸ ਨੇ ਆਜ਼ਾਦੀ ਸੰਗਰਾਮ, ਦੇਸ਼ ਦੀ ਰੱਖਿਆ ਅਤੇ ਅਨਾਜ ਉਤਪਾਦਨ ਵਿਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਦੀ ਪੁਰਾਣੀ ਸ਼ਾਨ ਅਤੇ ਲੀਡਰਸ਼ਿਪ ਭੂਮਿਕਾ ਨੂੰ ਬਹਾਲ ਕਰਨ ਲਈ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਇਕ ਫੈਸਲਾਕੁੰਨ ਲੜਾਈ ਲੜਨੀ ਪਵੇਗੀ।
ਇਸ ਮੌਕੇ ਰਾਜਪਾਲ ਪੰਜਾਬ ਦੇ ਸਕੱਤਰ ਵਿਵੇਕ ਪ੍ਰਤਾਪ ਸਿੰਘ, ਡਾਇਰੈਕਟਰ ਜਨਗਣਨਾ ਸੰਚਾਲਨ ਲਲਿਤ ਜੈਨ, ਰੈੱਡ ਕਰਾਸ ਦੇ ਸਕੱਤਰ ਸ਼ਿਵ ਦੁਲਾਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਦੀਪ ਸਿਖ਼ਾ ਸ਼ਰਮਾ, ਐਸ.ਐਸ.ਪੀ ਭੁਪਿੰਦਰ ਸਿੰਘ ਅਤੇ ਪੇਂਡੂ ਰੱਖਿਆ ਕਮੇਟੀਆਂ ਦੇ ਮੈਂਬਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *